ਦੀਵਾਲੀ
ਬਾਹਰ ਬਾਲ਼ ਕੇ ਦੀਵੇ,
ਕਿਵੇਂ ਦੂਰ ਹੋ ਜਾਊ,
ਕਾਲਾ ਸਿਆਹ ਜੋ ਧੁਰ ਅੰਦਰ,
ਹੈ ਘੁੱਪ ਹਨੇਰਾ।
ਜੋ ਰਹਿਬਰਾਂ ਸਿਖਾਇਆ,
ਭੁੱਲਕੇ ਭਾਲਦੇ ਫਿਰੀਏ,
ਕਿੱਥੋਂ ਰਾਹ ਨੇ ਲੱਭਣੇ
ਛੱਡਕੇ ਰਾਹ ਦਸੇਰਾ।
ਰਾਵਣ ਥਾਂ ਥਾਂ ਬੈਠੇ
ਕੌਣ ਅੱਜ ਲੰਕਾ ਸਾੜੇ
ਰਿਸ਼ਤੇ ਰਾਮ ਲਛਮਣ ਦੇ
ਲੱਗਦੇ ਗਏ ਨੇ ਤਰੇੜੇ
ਪੁੱਤ ਧੀਆਂ ਚਾਈਂ ਚਾਈਂ
ਜਾ ਰਹੇ ਨੇ ਬਨਵਾਸ ਕੱਟਣ
ਓਹਦਾ ਪਹੁੰਚ ਗਿਆ ਪਰਦੇਸ
ਮੁੰਡਾ ਰਹਿਜੇ ਨਾ ਮੇਰਾ
ਜੋ ਰਹਿਬਰਾਂ ਸਿਖਾਇਆ,
ਭੁੱਲਕੇ ਭਾਲਦੇ ਫਿਰੀਏ,
ਕਿੱਥੋਂ ਰਾਹ ਨੇ ਲੱਭਣੇ
ਛੱਡਕੇ ਰਾਹ ਦਸੇਰਾ।
ਕੂੜ ਕਪਟ ਕਮੀਨਗੀ
ਤੇ ਲੋਭ ਲਾਲਚ ਨਾਲ ਲੱਦੇ
ਅਸੀਂ ਮਾਰੀਏ ਮੋਮੋਠਗਣੀਆਂ
ਲੋੜਾਂ ਗਰਜਾਂ ਦੇ ਬੱਧੇ
ਪਾਤਸ਼ਾਹ ਹਰਗੋਬਿੰਦ ਨੇ
ਸੀ 52 ਰਿਹਾਅ ਕਰਵਾਏ
ਅੱਜ ਇੱਕ ਦਾ ਭਲਾ ਕਰਨ ਦਾ
ਅਸੀਂ ਨਾ ਰੱਖੀਏ ਜੇਰਾ
ਬਾਹਰ ਬਾਲ਼ ਕੇ ਦੀਵੇ,
ਕਿਵੇਂ ਦੂਰ ਹੋ ਜਾਊ,
ਕਾਲਾ ਸਿਆਹ ਜੋ ਧੁਰ ਅੰਦਰ,
ਹੈ ਘੁੱਪ ਹਨੇਰਾ।
ਉਹ ਤਾਂ ਰੋਜ਼ ਹੁੰਦੀ ਏ
ਜੇ ਸਿਰੵਫ਼ ਰੌਸ਼ਨੀ ਦੀ ਗੱਲ ਏ
ਬੱਝੀ ਅੱਖਾਂ 'ਤੇ ਪੱਟੀ ਦਾ
ਕੀ ਇੱਕ ਦੀਵਾ ਹੀ ਹੱਲ ਏ
ਕਹਿ ਦੇ ਸੂਰਜ ਨੂੰ ਭਾਵੇਂ
ਚੜ੍ਹਿਆ ਰਹਿ ਚੌਵੀ ਘੰਟੇ
ਜਾਂ ਦੀਵਿਆਂ ਦੀ ਡਾਰ ਨਾਲ
ਭਰ ਲੈ ਘਰ ਦਾ ਬਨੇਰਾ
ਜੋ ਰਹਿਬਰਾਂ ਸਿਖਾਇਆ,
ਭੁੱਲਕੇ ਭਾਲਦੇ ਫਿਰੀਏ,
ਕਿੱਥੋਂ ਰਾਹ ਨੇ ਲੱਭਣੇ
ਛੱਡਕੇ ਰਾਹ ਦਸੇਰਾ।
ਮੱਸਿਆ ਦੀ ਰਾਤ ਵਰਗਾ
ਜੋ ਬਣ ਗਿਆ ਏ ਅੰਦਰ
ਇਸ ਦੀਵਾਲੀ ਜੇ ਬਾਲਣਾ
ਤਾਂ ਦੀਵਾ ਬਾਲ਼ ਧੁਰ ਅੰਦਰ
ਹੋ ਜੇ ਚਾਨਣਾ ਤੇ ਦਿਸੇ
ਜੋ ਵੀ ਚੰਗਾ ਮੰਦਾ
ਵੈਰ ਵਿਰੋਧ ਜਿਹੇ ਛੱਡ
ਬਣ ਜਾ ਰੱਬ ਦਾ ਬੰਦਾ
ਨਾ ਉਡੀਕਣੀ ਪਊਗੀ
ਇਹ ਦੀਵਾਲੀ ਆਏ ਸਾਲੀਂ
ਬਸ ਛੋਟਾ ਜਿਹਾ ਹੀ ਸਹੀ
ਇੱਕ ਦੀਵਾ ਦਿਲ 'ਚ ਬਾਲੀਂ
ਅੱਧੀ ਰਾਤ ਹੋਵੇ ਭਾਵੇਂ
ਤੇਰੇ ਅੰਦਰ ਰਹੂ ਸਵੇਰਾ
ਬਾਹਰ ਬਾਲ਼ ਕੇ ਦੀਵੇ,
ਕਿਵੇਂ ਦੂਰ ਹੋ ਜਾਊ,
ਕਾਲਾ ਸਿਆਹ ਜੋ ਧੁਰ ਅੰਦਰ,
ਹੈ ਘੁੱਪ ਹਨੇਰਾ।
Comments
Post a Comment